StatCounter

Sunday, August 14, 2011

ਅਹਿਸਾਸ

ਜਾਗਦੇ ਰਹੋ... ਬਲ ਹੂਆ ਬੰਧਨ ਛੂਟਿ
Amolak Singh, Lok Morcha Punjab

ਗੋਬਿੰਦਪੁਰਾ, ਬਰਨਾਲਾ, ਕੋਟ ਦੁੱਨਾ ਅਤੇ ਹਮੀਦੀ ਦੇ ਸਾਂਝੇ ਸਰੋਕਾਰਾਂ ਵਾਲੇ, ਸੁਲੱਖਣੇ ਇਤਿਹਾਸ ਦਾ ਸਫ਼ਾ ਬਣ ਜਾਣ ਦੀ ਅੱਜ ਕੱਲ੍ਹ ਬਹੁ-ਚਰਚਿਤ ਘਟਨਾ ਪਿੱਛੇ ਪ੍ਰੇਰਨਾਮਈ, ਅਹਿਸਾਸਮਈ ਅਤੇ ਸਵੈ-ਮੰਥਨ ਭਰੀ ਗਾਥਾ ਛੁਪੀ ਹੋਈ ਹੈ।
ਗੋਬਿੰਦਪੁਰਾ ਦੇ ਗੁਰਦਵਾਰਾ ਸਾਹਿਬ ਦੇ ਲਾਊਡ ਸਪੀਕਰ 'ਤੇ ਕਦੇ ਤਾਰਿਆਂ ਦੀ ਲੋਏ, ਕਦੇ ਸਰਘੀ ਵੇਲੇ ਇਕ ਆਵਾਜ਼ ਅੱਜ ਤੋਂ ਦਹਾਕਾ ਪਹਿਲਾਂ ਗੂੰਜਿਆ ਕਰਦੀ ਸੀ। ਅੱਜ ਗੋਬਿੰਦਪੁਰੇ ਦੇ ਚਿੰਤਾਵਾਨ ਅਤੇ ਸੋਚਵਾਨ ਹਰ ਚੁੱਲ੍ਹੇ ਚੌਂਕੇ, ਨੈਣਾਂ 'ਚੋਂ ਵਗਦੇ ਦਰਿਆਵਾਂ ਨਾਲ ਗੱਚ ਹੋਈਆਂ ਚੁੰਨੀਆਂ ਨਾਲ, ਅੰਦਰੋਂ ਦਗ਼ਦੇ ਚਿਹਰੇ ਪੂੰਝਦੀਆਂ ਔਰਤਾਂ, ਹਰ ਫੱਟੜ ਮੱਥੇ ਵਾਲੇ ਲੋਕਾਂ ਦੇ ਬੁਲ੍ਹਾਂ 'ਤੇ ਉਸ ਸ਼ਖ਼ਸ ਦੇ ਕਹੇ ਬੋਲ ਫਰਕਦੇ ਹਨ। ਗੋਬਿੰਦਪੁਰਾ ਦੇ ਲੋਕਾਂ ਸਿਰ ਟੁੱਟੇ ਆਫ਼ਤਾਂ ਦੇ ਪਹਾੜਾਂ ਕਾਰਨ, ਜ਼ਿੰਦਗੀ ਪ੍ਰਤੀ ਸੰਵੇਦਨਸ਼ੀਲਤਾ ਦੀ ਭਾਵਨਾ ਨੇ ਇਉਂ ਜਰਬਾਂ ਖਾਧੀਆਂ ਹਨ ਕਿ 'ਸਿਆਣੇ ਦੇ ਕਹੇ ਅਤੇ ਅਉਲੇ ਦੇ ਖਾਧੇ' ਦੇ ਮਗਰੋਂ ਪਤਾ ਲੱਗਣ ਵਰਗੇ ਵਿਚਾਰਾਂ ਦੇ ਬੀਜ ਮਨ ਦੀ ਧਰਤੀ 'ਤੇ ਉੱਗ ਆਏ ਹਨ। ਲੋਕ, ਉਸ ਸ਼ਖ਼ਸ ਦੇ ਬੋਲਾਂ ਨੂੰ ਹੁਣ ਹਵਾ 'ਚੋਂ ਫੜਕੇ ਇਉਂ ਸੁਣਾਉਂਦੇ ਹਨ ਕਿ ਉਹ ਕਿਹਾ ਕਰਦਾ ਸੀ:
'ਸਮੂਹ ਨਗਰ ਨਿਵਾਸੀ ਭਾਈਆਂ, ਬੀਬੀਆਂ ਅਤੇ ਮਾਈਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬਰਨਾਲੇ ਕੋਲ ਤਿੰਨ ਪਿੰਡਾਂ ਦੇ ਭਾਈ ਲਾਲੋਆਂ ਦੀ ਜ਼ਮੀਨ ਮਲਕ ਭਾਗੋਆਂ ਨੇ ਜ਼ਬਰਦਸਤੀ ਦੱਬ ਲਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਉਨ੍ਹਾਂ ਪਿੰਡਾਂ 'ਚ ਕਿਸਾਨ ਭਾਈਆਂ ਦੇ ਹੱਕ 'ਚ ਸਿਰ ਧੜ ਦੀ ਬਾਜ਼ੀ ਲਗਾ ਰਹੀ ਐ। ਜਾਗੋ! ਭਾਈ ਜਾਗਣ ਦਾ ਵੇਲਾ ਆ ਗਿਆ। ਜੇ ਲੰਮੀਆਂ ਤਾਣ ਕੇ ਸੁੱਤੇ ਰਹਿ ਗਏ ਤਾਂ ਮਾਰੇ ਜਾਵਾਂਗੇ। ਅੱਜ ਬਰਨਾਲਾ ਲਾਗੇ ਛੰਨਾ, ਧੌਲਾ ਅਤੇ ਸੰਘੇੜਾ ਦੀ ਜ਼ਮੀਨ ਖੋਹੀ ਐ; ਕੱਲ੍ਹ ਨੂੰ ਗੋਬਿੰਦਪੁਰੇ ਦੀ ਵਾਰੀ ਆ ਸਕਦੀ ਐ। ਇਸ ਕਰਕੇ ਅੱਜ ਹਰੇਕ ਮਾਈ ਭਾਈ ਦਾ ਇਹ ਧਰਮ ਹੈ, ਇਹ ਫਰਜ਼ ਹੈ ਕਿ ਆਪਾਂ ਬਿਪਤਾ ਮਾਰੇ ਭਾਈਆਂ ਦੀ ਬਾਂਹ ਫੜੀਏ। ਆਪ ਜੀ ਨੂੰ ਪਤਾ ਹੀ ਹੈ ਕਿ ਝੂਠ ਦੇ ਪੈਰ ਨਹੀਂ ਹੁੰਦੇ। ਆਖ਼ਰ ਨੂੰ ਜਿੱਤ ਸੱਚ ਦੀ ਹੁੰਦੀ ਹੇ। ਗੋਬਿੰਦਪੁਰਾ ਵਾਸੀਓ! ਗੁਰੂ ਸਾਹਿਬਾਨ ਨੇ ਵੀ ਆਪਾਂ ਨੂੰ ਏਹੀ ਸਿੱਖਿਆ ਦਿੱਤੀ ਹੈ ਕਿ:
ਬਲ ਹੂਆ ਬੰਧਨ ਛੂਟਿ
ਸਭ ਕਿਛੁ ਹੋਤਿ ਉਪਾਇ
ਅਜੇਹੇ ਬੋਲਾਂ ਦਾ ਢੰਡੋਰਚੀ ਅਤੇ ਘੋਲਾਂ ਦਾ ਮਸ਼ਾਲਚੀ, ਪਿੰਡ ਗੋਬਿੰਦਪੁਰੇ ਦਾ ਨਛੱਤਰ ਸਿੰਘ ਜੋ ਕਿ ਪਿੰਡ ਵਾਸੀਆਂ ਦੇ ਸੰਬੋਧਨ 'ਚ 'ਕੁਲਸ਼ੇਤਰ' ਕਰਕੇ ਜਾਣਿਆ ਜਾਂਦਾ ਸੀ, ਉਹ ਭਾਵੇਂ ਇਸ ਸੰਸਾਰ ਨੂੰ ਜਿਸਮਾਨੀ ਤੌਰ 'ਤੇ ਅਲਵਿਦਾ ਕਹਿ ਗਿਆ ਪਰ ਉਸਦੇ ਤੁਰ ਜਾਣ ਦੇ ਇਕ ਵਕਫ਼ੇ ਮਗਰੋਂ ਉਸਦੇ ਹਵਾ 'ਚ ਲਿਖੇ ਹਰਫ਼ ਜ਼ਿੰਦਾ ਹਨ। ਹੋਰ ਵੀ ਜਗ ਮਗ ਜਗ ਮਗ ਕਰਦੇ ਹਨ। ਲੋਕਾਂ ਦੀਆਂ ਸੋਚਾਂ 'ਚ ਖੌਰੂ ਪਾਉਂਦੇ ਹਨ। ਨਵੀਆਂ ਤਰੰਗਾਂ ਛੇੜਦੇ ਹਨ।
ਗੋਬਿੰਦਪੁਰਾ ਦੇ ਵਾਸੀ ਉੱਜੜੇ ਆਲ੍ਹਣਿਆਂ ਵਾਲੇ ਪੰਛੀਆਂ ਅਤੇ ਬੋਟਾਂ ਵਰਗੀ ਮਨੋਦਸ਼ਾ ਦੀ ਬੁੱਕਲ ਖੋਲ੍ਹਦਿਆਂ, ਹੌਕੇ ਦੀ ਲਾਟ ਵਿਚੋਂ ਆਪਣੇ ਗਿਰੀਵਾਨ 'ਚ ਝਾਤੀ ਮਾਰਦਿਆਂ ਸਵੈ-ਆਲੋਚਨਾ ਭਰੇ ਲਹਿਜੇ 'ਚ ਬੋਲਦੇ ਹਨ ਕਿ, ''ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਪਿੰਡ ਵਾਲੇ ਬਹੁਤੇ ਲੋਕ ਉਸ ਵੇਲੇ ਨਛੱਤਰ ਦਾ ਮਖੌਲ ਉਡਾਇਆ ਕਰਦੇ ਸਨ, ਬਈ ਇਹ ਕਿਥੋਂ ਦਾ 'ਅੰਤਰਯਾਮੀ' ਐ; ਜਿਹੜਾ ਉਡਦੀਆਂ ਫੜਦੈ। ਇਹਨੂੰ ਭਲਾ ਕੀ ਪਤੈ ਬਈ ਕੱਲ੍ਹ ਨੂੰ ਗੋਬਿੰਦਪੁਰੇ ਦਾ ਨੰਬਰ ਲੱਗ ਸਕਦੈ। ਕਈ ਵਾਰੀ ਨਛੱਤਰ ਦੀਆਂ ਗੱਲਾਂ ਸੁਣਦੇ ਲੋਕੀ ਮੂੰਹ 'ਤੇ ਤਾਂ 'ਹਾਂ ਹੂੰ' ਕਰ ਛੱਡਦੇ ਪਰ ਪਿੱਠ ਪਿੱਛੇ ਇਉਂ ਕਹਿੰਦੇ ਰਹਿੰਦੇ, ''ਯੂਨੀਅਨ ਵਾਲਿਆਂ ਨੇ ਫੰਡ 'ਕੱਠਾ ਕਰਨਾ ਹੋਊ', 'ਕਣਕ 'ਕੱਠੀ ਕਰਨੀ ਹੋਊ ਤਾਂ ਡਰਾਵੇ ਦਿੰਦੇ ਨੇ। ਕਿੱਥੇ ਬਰਨਾਲਾ, ਕਿੱਥੇ ਮਾਨਸਾ ਦਾ ਗੋਬਿੰਦਪੁਰਾ। ਨਾਲੇ ਸਾਡੀ ਜੱਦੀ ਪੁਸ਼ਤੀ ਜ਼ਮੀਨ ਐ। ਸਾਡੀ ਮਰਜ਼ੀ ਤੋਂ ਬਿਨਾਂ ਕੀਹਦੀ ਹਿੰਮਤ ਐ ਬਈ ਧੱਕੇ ਨਾਲ ਵੀ ਕੋਈ ਲੈ ਜੂ।'' ਕਈ ਸੱਜਣ ਤਾਂ ਇਹ ਕਥਾ ਵੀ ਸੁਣਾਇਆ ਕਰਦੇ ਕਿ, ''ਗੋਬਿੰਦਪੁਰੇ ਨੂੰ ਤਾਂ ਦਸਵੇਂ ਗੁਰਾਂ ਦੀ ਬਖ਼ਸ਼ਿਸ਼ ਹੋਈ ਹੈ, ਇਹਨੂੰ ਨੀਂ ਕੋਈ ਉਜਾੜ ਸਕਦਾ।' ਅਖੇ ਗੁਰਾਂ ਨੇ ਕਿਹਾ ਸੀ ਗੋਬਿੰਦਪੁਰੇ ਦੇ ਧਾਲੀਵਾਲ ਸਦਾ ਇਥੇ ਹੀ ਵਸਦੇ ਰਹਿਣਗੇ।''
ਗੋਬਿੰਦਪੁਰੇ ਦੇ ਲੋਕਾਂ ਨੂੰ ਡਾਢਾ ਪਛਤਾਵਾ ਹੈ ਕਿ, ''ਯੂਨੀਅਨ ਵਾਲੇ ਨਛੱਤਰ ਸਿੰਘ ਨੇ ਤਾਂ 'ਸੱਚ ਸੁਣਾਈ ਐ, ਸੱਚ ਕੀ ਬੇਲਾ' ਅਨੁਸਾਰ ਬਹੁਤ ਵਰ੍ਹੇ ਪਹਿਲਾਂ ਹੀ ਰਾਤਾਂ ਦੇ ਚੌਕੀਦਾਰ ਵਾਂਗ 'ਜਾਗਦੇ ਰਹੋ' ਦਾ ਹੋਕਾ ਦਿੱਤਾ ਸੀ ਪਰ ਅਸੀਂ ਉਸਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਾ ਲਿਆ। ਉਸਦੀ ਆਖੀ ਨੂੰ ਆਈ ਗਈ ਕਰਦੇ ਰਹੇ। ਜੇ ਅਸੀਂ ਵੇਲੇ ਸਿਰ ਉਸਦੇ ਬੋਲਾਂ ਦਾ ਮੁੱਲ ਪਾਇਆ ਹੁੰਦਾ; ਆਪਣਾ ਥਵਾਕ ਹੁੰਦਾ; ਆਪਾਂ ਕੰਧ ਬਣਕੇ ਖੜ੍ਹੇ ਹੁੰਦੇ ਤਾਂ ਆਹ ਦਿਨ ਨਾ ਦੇਖਣੇ ਪੈਂਦੇ।''
ਹੁਣ ਛੰਨਾ, ਧੌਲਾ, ਸੰਘੇੜਾ (ਬਰਨਾਲਾ) ਵਾਲੇ ਓਹੀ ਪੀੜਤ ਕਿਸਾਨ ਅਤੇ ਕਿਸਾਨ ਯੂਨੀਅਨ ਵਾਲੇ; ਗੋਬਿੰਦਪੁਰੇ ਵਾਲਿਆਂ ਲਈ ਹੁੰਗਾਰਾ ਅਤੇ ਸਹਾਰਾ ਬਣੇ ਹਨ। ਉਹਨਾਂ ਦੀਆਂ ਜ਼ਮੀਨਾਂ ਦੀ ਰਾਖੀ ਦੇ ਸੁਆਲ ਨੂੰ ਆਪਣਾ ਮਸਲਾ ਸਮਝਕੇ ਪੰਜਾਬ ਭਰ ਤੋਂ ਕਾਫ਼ਲੇ ਗੋਬਿੰਦਪੁਰੇ ਵੱਲ ਮਾਰਚ ਕਰਨ ਲੱਗੇ ਹਨ। ਹਕੂਮਤੀ ਡਾਂਗਾਂ ਦਾ ਸੇਕ ਆਪਣੇ ਪਿੰਡਿਆਂ 'ਤੇ ਝੱਲਣ ਲੱਗੇ ਹਨ, ਥਾਣਿਆਂ ਅਤੇ ਜੇਲ੍ਹਾਂ 'ਚ ਡੱਕੇ ਲੋਕ ਅੰਦਰ ਜਾਣ ਅਤੇ ਬਾਹਰ ਆਉਣ ਵੇਲੇ ਗੋਬਿੰਦਪੁਰੇ ਵਾਸੀਆਂ ਤੱਕ ਆਪਣੇ ਜੈਕਾਰੇ ਗੁੰਜਾਉਂਦੇ ਹੋਏ 'ਸੱਤੀਂ ਵੀਹੀਂ ਸੌ ਵਾਲੇ ਡਾਢਿਆਂ' ਦੀ ਅੱਖ 'ਚ ਅੱਖ ਪਾ ਕੇ ਸੁਣਾਉਣੀ ਕਰ ਰਹੇ ਹਨ ਕਿ, ''ਕੀ ਕਰਨਗੇ ਜੇਲ੍ਹਾਂ ਠਾਣੇ-ਲੋਕਾਂ ਦੇ ਹੜ੍ਹ ਵਧਦੇ ਜਾਣੇ', 'ਹੱਕਾਂ ਲਈ ਜੋ ਲੜਦੇ ਲੋਕ-ਜੇਲ੍ਹਾਂ ਤੋਂ ਨਹੀਂ ਡਰਦੇ ਲੋਕ', 'ਬੱਚਾ ਬੱਚਾ ਝੋਕ ਦਿਆਂਗੇ-ਜ਼ਮੀਨਾਂ 'ਤੇ ਕਬਜ਼ੇ ਰੋਕ ਦਿਆਂਗੇ' ਗੋਬਿੰਦਪੁਰੇ ਵਾਲਿਆਂ ਨੂੰ ਇਹਨਾਂ ਆਵਾਜ਼ਾਂ 'ਚ ਆਪਣੇ ਪਿੰਡ ਦੇ ਨਛੱਤਰ ਸਿੰਘ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ। ਹੁਣ ਉਹ ਹੋਰ ਪਿੰਡਾਂ ਵਾਲਿਆਂ ਨੂੰ ਵੀ ਨਸੀਹਤਾਂ ਦਿੰਦੇ ਹਨ ਕਿ ਤੁਸੀਂ ਕਦੇ ਵੀ ਅਜੇਹੀ ਅਮੁੱਲੀ ਆਵਾਜ਼ ਨੂੰ ਅਣਸੁਣੀ ਨਾ ਕਰਿਓ।
ਹੁਣ ਦੁੱਲੇ ਭੱਟੀ ਦੀ ਵਾਰ ਨੂੰ ਮੁੜ ਤਾਜ਼ਾ ਕੀਤਾ ਜਾਣ ਲੱਗਾ ਹੈ। ਜਦੋਂ ਗੋਬਿੰਦਪੁਰੇ ਦੀਆਂ ਨੰਨ੍ਹੀਆਂ ਸਹਿਮੀਆਂ ਜ਼ਿੰਦੜੀਆਂ ਨੂੰ ਕਰਫਿਊ ਵਰਗੇ ਸਾਹ ਘੁੱਟਵੇਂ ਮਾਹੌਲ 'ਚ ਆਪਣੇ ਮਾਪਿਆਂ ਦੇ ਚਿਹਰਿਆਂ 'ਤੇ ਸਹਿਮ, ਅਨਿਸਚਤਤਾ ਅਤੇ ਭਵਿੱਖ ਦੇ ਵੱਢ-ਖਾਣੇ ਸਮੇਂ ਦਾ ਡਰ ਮੰਡਰਾਉਣ ਲੱਗਿਆ ਹੈ। ਜਦੋਂ ਸਕੂਲਾਂ, ਕਾਲਜਾਂ 'ਚ ਪੜ੍ਹਦੀਆਂ ਜੁਆਨ ਧੀਆਂ ਦੇ ਕਿਤਾਬਾਂ ਦੇ ਬਸਤੇ ਕਿੱਲਿਆਂ 'ਤੇ ਟੰਗੇ ਰਹਿ ਗਏ ਤਾਂ ਉਹਨਾਂ ਲਈ ਯੂਨੀਅਨ ਵਾਲੇ ਦੁੱਲੇ ਭੱਟੀ ਤੋਂ ਵੀ ਅਗਲੇ ਰਾਹਾਂ ਦੇ ਰਾਹੀ ਬਣਕੇ ਨਿੱਤਰੇ ਹਨ। ਉਹ ਹਰ ਚੁੱਲ੍ਹੇ ਚੌਂਕੇ ਜਾ ਰਹੇ ਹਨ। ਜ਼ਮੀਨਾਂ ਗ੍ਰਹਿਣ ਕਰਨ ਦੀ ਨੀਤੀ ਪਿੱਛੇ ਛੁਪੇ ਮੰਤਵਾਂ ਦੀ ਲੜੀ ਉਧੇੜ ਰਹੇ ਹਨ। ਇਉਂ ਲੱਗ ਰਿਹੈ ਜਿਵੇਂ ਗੋਬਿੰਦਪੁਰੇ ਹਰ ਰੋਜ਼ ਹੀ ਲੋਹੜੀ ਹੋਵੇ। ਉਹ ਹਰ ਰੋਜ਼ ਗੀਤ ਗਾ ਰਹੇ ਹੋਣ:
ਸੁੰਦਰੀਏ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ।
ਮੋਰਚੇ 'ਤੇ ਡਟੇ ਜੱਥਿਆਂ ਦਾ ਹਰੇਕ ਵਿਅਕਤੀ ਹੁਣ ਉਹਨਾਂ ਨੂੰ ਗੋਬਿੰਦਪੁਰੇ ਦਾ ਵਾਸੀ ਲੱਗਦਾ ਹੈ। ਹਰੇਕ ਜੈਕਾਰਾ ਅਤੇ ਨਾਅਰਾ; ਨਛੱਤਰ ਸਿੰਘ ਦਾ ਲਾਇਆ ਲੱਗਦਾ ਹੈ।
ਦਿਲਚਸਪ, ਲੜ ਬੰਨ੍ਹਣ ਯੋਗ ਅਤੇ ਸਿਫ਼ਤੀ ਤਬਦੀਲੀ ਦਾ ਸੰਕੇਤ ਕਰਦੀ ਗੱਲ ਇਹ ਹੈ ਕਿ ਗੋਬਿੰਦਪੁਰਾ ਦੇ ਜ਼ਮੀਨੀ ਘੋਲ 'ਚ ਸ਼ਹੀਦ ਹੋਏ ਸੁਰਜੀਤ ਹਮੀਦੀ ਦੇ ਸ਼ਰਧਾਂਜਲੀ ਸਮਾਗਮ 'ਚ ਗੋਬਿੰਦਪੁਰੇ ਤੋਂ ਸੈਂਕੜੇ ਮਰਦ-ਔਰਤਾਂ ਸਿਰਾਂ 'ਤੇ ਬਸੰਤੀ ਪਟਕੇ ਬੰਨ੍ਹਕੇ ਸ਼ਾਮਲ ਹੋਏ। ਜਿਨ੍ਹਾਂ ਦੀਆਂ ਟੁੱਟੀਆਂ ਬਾਹਵਾਂ 'ਚ ਰਾਡਾਂ ਪਈਆਂ ਉਹ ਮਾਣਮੱਤੇ ਅੰਦਾਜ਼ 'ਚ ਕਹਿ ਰਹੇ ਸਨ ਕਿ ''ਚਲੋ! ਅੱਗੇ ਤੋਂ ਇਹ ਬਾਂਹ ਤਾਂ ਲਾਠੀਚਾਰਜ 'ਚ ਟੁੱਟ ਨਹੀਂ ਸਕਦੀ।' ਅੰਦਾਜ਼ਨ 20 ਹਜ਼ਾਰ ਲੋਕਾਂ ਨਾਲ ਉੱਛਲੀ ਹਮੀਦੀ ਦੀ ਦਾਣਾ ਮੰਡੀ 'ਚ ਇਕੱਤਰ ਹੋਣ ਤੋਂ ਪਹਿਲਾਂ ਪਿੰਡ ਦੇ ਗੁਰਦਵਾਰਾ ਸਾਹਿਬ 'ਚ 'ਐਸੀ ਮਰੀ ਜੋ ਮਰੇ.....', 'ਸੂਰਾ ਸੋ ਪਹਿਚਾਨੀਏ.....' ਵਰਗੇ ਸ਼ਬਦਾਂ ਨੇ ਲੋਕਾਂ ਨੂੰ ਮੌਤ, ਮੌਤ ਵਿਚਲੇ ਅੰਤਰ ਸਮਝਾਏ। ਖਚਾਖਚ ਭਰੇ ਪੰਡਾਲ ਦੀ ਮੰਚ ਤੋਂ ਅਜੇਹੇ ਵੰਗਾਰਮਈ ਬੋਲ ਸੁਣਾਈ ਦੇ ਰਹੇ ਸਨ:
ਹਰ ਮਿੱਟੀ ਦੀ ਆਪਣੀ ਖ਼ਸਲਤ
ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ
ਹਰ ਫੱਟੜ ਮੱਥਾ ਨਹੀਂ ਝੁਕਦਾ
ਬੰਨ੍ਹ ਲਾਇਆਂ ਹਰ ਛੱਲ ਨਹੀਂ ਰੁਕਦੀ
ਬੁਲਾਰੇ ਕਥਾਕਾਰਾਂ ਵਾਂਗ ਵਿਆਖਿਆ ਕਰ ਰਹੇ ਸਨ ਕਿ ਇੰਡੀਅਨ ਬੁਲਜ (ਭਾਰਤੀ ਸਾਨ੍ਹ) ਦੀ ਪਿਓਨਾ ਪਾਵਰ ਕੰਪਨੀ ਅਸਲ 'ਚ ਸਾਡੇ ਖੇਤਾਂ 'ਤੇ ਧਾਵਾ ਬੋਲਕੇ ਕਬਜ਼ਾ ਕਰਨ ਆਇਆ ਅਜੇਹਾ ਸਾਨ੍ਹ ਹੈ ਜਿਸਨੇ ਹਕੂਮਤ ਦੀ ਥਾਪੀ ਹਾਸਲ ਕਰਕੇ ਜਿਵੇਂ ਸਿੰਗ ਮਿੱਟੀ ਚੁੱਕ ਰੱਖੀ ਹੈ ਇਸਨੂੰ ਸਿੱਧੇ ਮੱਥੇ ਟੱਕਰਕੇ, ਸਿੰਗਾਂ ਤੋਂ ਫੜਕੇ ਹੀ ਪਛਾੜਿਆ ਜਾ ਸਕਦਾ ਹੈ।
ਸੁਲੱਖਣਾ ਵਰਤਾਰਾ ਇਹ ਸਾਹਮਣੇ ਆਇਆ ਹੈ ਕਿ ਪਿੰਡ ਹਮੀਦੀ ਦੀ ਸ਼ਹੀਦ ਭਗਤ ਸਿੰਘ ਕਲੱਬ, ਡਾ. ਅਜਮੇਰ ਸਿੰਘ ਯਾਦਗਾਰੀ ਕਲੱਬ ਆਦਿ ਤੋਂ ਲੈ ਕੇ ਪਿੰਡ ਦਾ ਬੱਚਾ ਬੱਚਾ ਸ਼ਾਮਲ ਸੀ।
ਗੋਬਿੰਦਪੁਰੇ ਦੀ ਸੰਗਰਾਮਣ ਸੁਰਜੀਤ ਕੌਰ ਮੰਚ ਤੋਂ ਸ਼ੀਹਣੀ ਬਣਕੇ ਗਰਜ ਰਹੀ ਸੀ, ''ਅਸੀਂ ਔਰਤਾਂ 'ਕੱਲੀਆਂ ਹਰ ਰੋਜ਼ ਆਪਣੀ ਜ਼ਮੀਨ 'ਚੋਂ ਖੰਭੇ ਅਤੇ ਤਾਰਾਂ ਵਗਾਹ ਮਾਰ ਰਹੀਆਂ ਹਾਂ। ਧਰਤੀ ਸਾਡੀ ਸਭ ਦੀ ਮਾਂ ਹੈ। ਅਸੀਂ ਇਹਦੀ ਰਾਖੀ ਲਈ ਮਰ ਮਿਟਾਂਗੇ।''
ਪਿੰਡ ਹਮੀਦੀ, ਗੋਬਿੰਦਪੁਰਾ ਜਾਪਦਾ ਸੀ। ਸੁਰਜੀਤ ਦਾ ਲਹੂ ਸਾਧੂ ਸਿੰਘ ਤਖ਼ਤੂਪਰਾ, ਪ੍ਰਿਥੀਪਾਲ ਸਿੰਘ ਅਤੇ ਖੰਨਾ ਚਮਾਰਾ ਦੇ ਆਪਾ ਵਾਰ ਗਏ ਕਿਸਾਨਾਂ ਦੇ ਲਹੂ ਸੰਗ ਮਿਲ ਗਿਆ ਜਾਪਦਾ ਸੀ।
ਸ਼ਾਮ ਨੂੰ ਵਾਪਸ ਆ ਕੇ ਗੋਬਿੰਦਪੁਰਾ ਦੇ ਵਾਸੀਆਂ ਨੇ ਜਦੋਂ 22 ਅਗਸਤ ਨੂੰ ਮਾਨਸੇ ਅਣਮਿੱਥੇ ਸਮੇਂ ਲਈ ਧਰਨੇ 'ਤੇ ਜਾਣ ਦੀਆਂ ਵਿਉਂਤਾਂ ਬਣਾਈਆਂ ਤਾਂ ਅਣਕਹੇ ਹੀ ਉਹਨਾਂ ਦਾ ਮਨੋਬਲ ਇਹ ਬਾਤ ਪਾ ਰਿਹਾ ਸੀ ਕਿ ਉਹਨਾਂ ਨੇ ਨਛੱਤਰ ਦੇ 'ਜਾਗਦੇ ਰਹੋ' ਦੇ ਹੋਕੇ ਦੀ ਮੁੜ ਆਪ ਤਾਂ ਭੁੱਲ ਕੀ ਕਰਨੀ ਹੈ ਉਹ ਹੋਰਨਾਂ ਨੂੰ ਵੀ ਅਜੇਹੇ ਮੋੜ ਤੋਂ ਬਚਕੇ ਤੁਰਨ ਦੇ ਅਹਿਸਾਸ ਦੀ ਰੌਸ਼ਨੀ ਵੰਡਦੇ ਰਹਿਣਗੇ।
-ਅਮੋਲਕ ਸਿੰਘ (94170-76735)
ਜਨਰਲ ਸਕੱਤਰ,ਲੋਕ ਮੋਰਚਾ ਪੰਜਾਬ

No comments:

Post a Comment